Kala Ambar Jakhmi Paun-Dayal Singh Piasa-Gazal-21-to-25

ਕਾਲਾ ਅੰਬਰ ਜ਼ਖਮੀ ਪੌਣ

"ਕਾਲਾ ਅੰਬਰ ਜ਼ਖਮੀ ਪੌਣ" ਗ਼ਜ਼ਲ ਸੰਗ੍ਰਿਹ
"ਦਿਆਲ ਸਿੰਘ ਪਿਆਸਾ"
ਗ਼ਜ਼ਲ-21

ਜ਼ੰਗਲ  ਵਿਚ  ਚੀਤੇ,  ਬਘਿਆੜਾਂ, ਖੌਰੂ ਪਾਏ , ਦਿਲ ਤੜਪਾਏ ,
ਨਿਤ  ਨਫ਼ਰਤ  ਦੇ ਕਾਲ਼ੇ ਨਾਗਾਂ, ਡੰਗ ਚਲਾਏ , ਜ਼ਹਿਰ ਫਲਾਏ ।

ਗੁਲਸ਼ਨ ਵਿਚ ਉਹ ਅੱਗ ਲਗਾ ਕੇ ਫੁੱਲ, ਪੱਤੇ, ਕਲ਼ੀਆਂ ਸਾੜਨ,
ਆਪਣੀ  ਹੋਂਦ  ਬਚਾਵਨ  ਖ਼ਾਤਰ,  ਅੱਗਾਂ ਲਾਏ , ਸ਼ੋਰ ਮਚਾਏ ।

ਬੁਲਬੁਲ,  ਕੋਇਲ,  ਬਾਗੀਂ ਰੋਏ ,  ਮੇਰੇ ਵਿਛੜੇ ਮੀਤ ਮਿਲੇ ਨਾ,
ਅਤਿ ਦੀ ਸਰਦੀ ਧੁੰਦ ਹਵਾ ਜਦ ਜ਼ੁਲਮ ਕਮਾਏ , ਮੀਤ ਰੁਲਾਏ ।

ਆਦਮ  ਜਾਤੀ  ਦੇ  ਜੰਗਲ  ਵਿਚ ਕੁਝ ਬੰਦੇ ਰੱਤ ਪੀਣੇ ਦਾਨਵ,
ਵਹਿਸ਼ੀ, ਕਾਮੀ, ਲੋਕਾਂ ਮਿਲ ਕੇ ਪਾਖੰਡ ਰਚਾਏ , ਕਤਲ ਕਰਾਏ ।

ਮਾਸੂਮਾਂ   ਤੋਂ   ਬੁਰਕੀ  ਖੋਹੇ   ਮੁਟਿਆਰਾਂ   ਦੇ   ਹਾਸੇ  ਲੁੱਟੇ,
ਵਹਿਸ਼ਤ ਹੈਂਕੜ, ਖੁਦਗ਼ਰਜ਼ੀ ਨੇ ਨਗਰ ਜਲਾਏ , ਵੈਰ ਕਮਾਏ ।

ਕਾਲ਼ੇ  ਅੰਬਰ,  ਸੂਹੇ  ਦਰਿਆ,  ਪੌਣਾਂ  ਦੇ  ਵਿਚ  ਜ਼ਹਿਰ  ਘੁਲ਼ੀ,
ਤੋਪਾਂ   ਨੇ  ਜਦ  ਅੱਧੀ  ਰਾਤੀਂ   ਸੱਥਰ  ਪਾਏ , ਚੈਣ  ਗੁਆਏ ।

ਮਾਨਸ ਜਾਤੀ  ਇਕ  ਫੁਲਵਾੜੀ ਇਨਸਾਨੀਅਤ  ਦੇ ਫੁੱਲ  ਝੁਲਸਦੇ,
ʻਪਿਆਸੇʻ ਹਉਮੈ ਦਾ ਸੱਪ ਉੱਡਣਾ, ਰੋਜ਼ ਸਤਾਏ, ਬਾਜ਼  ਨਾ  ਆਏ ।


"ਕਾਲਾ ਅੰਬਰ ਜ਼ਖਮੀ ਪੌਣ" ਗ਼ਜ਼ਲ ਸੰਗ੍ਰਿਹ
"ਦਿਆਲ ਸਿੰਘ ਪਿਆਸਾ"
ਗ਼ਜ਼ਲ-22

ਦਰਅੰਦਾਜ਼ ਜਨੂਨੀ ਖੀਤੇ ਜ਼ਹਿਰ ਦੀਆਂ ਨਦੀਆਂ ਨਿੱਤ ਤਰਦੇ,
ਬਰਫ਼ੀਲੇ ਪਰਬਤ ʻਤੇ ਲੁਕ ਲੁਕ ਨਾਗਣ ਤੋਪਾਂ ਦਾ ਢਿਡ ਭਰਦੇ।

ਸ਼ਾਮ  ਸਵੇਰੇ  ਅੰਬਰ  ਦੇ  ਵਿਚ ਧੂੰਏ  ਦੇ  ਕਾਲ਼ੇ  ਬੱਦਲ ਉੱਠਣ,
ਸੱਜਰੇ  ਸੂਹੇ  ਸਾਲੂ,  ਉਜੜਨ  ਸੁਹਣੇ  ਮਾਵਾਂ  ਦੇ  ਪੁੱਤ  ਮਰਦੇ।

ਪਿਆਰ  ਮੁਹੱਬਤ  ਦੀ  ਡਾਚੀ  ਦੀ  ਪੈੜ  ਗੁਆਚੀ  ਲੱਭੋ ਕੋਈ,
ਹੰਸਾਂ  ਦੇ  ਭੇਸ  ʻਚ ਚਿੱਟੇ ਬਗਲੇ ਲਾਲਚ ਖ਼ਾਤਰ ਭਟਕੇ ਫਿਰਦੇ।

ਮੂੰਹ  ਹਨੇਰੇ  ਉੱਡਦੇ  ਸੱਪ  ਸਾਡੇ  ਪਿੰਡ  ਦੀਆਂ  ਜੂਹਾਂ  ਟੱਪਣ,
ਬਰਦਾਸ਼ਤ ਦੀ ਵੀ ਹੱਦ ਹੁੰਦੀ ਏ ਕਿਉਂ ਅਨਿਆਰੀ ਮੌਤੇ ਮਰਦੇ।

ਕੂਟ ਸਿਆਸਤ  ਦੀ  ਬੁੱਢੀ ਹਿਰਨੀ,  ਮੱਥੇ  ਜਦ ਤਿਊੜੀ ਕੱਸੇ,
ਮੌਤ  ਕੁਲਹਿਨੀ  ਨੰਗੀ  ਨੱਚ  ਤੱਕ  ਤੱਕ  ਅੰਬਰ ਤਾਰੇ ਡਰਦੇ।

ਧਰਤੀ,  ਅੰਬਰ,  ਸਾਗਰ  ʻਚੋਂ ਲਾਟਾਂ  ਦੇ  ਸੂਹੇ  ਲੰਬੂ  ਉੱਠਣ,
ਇਨਸਾਨੀਅਤ ਦਾ ਕਤਲ ਕਰਨ ਜੋ ਅੰਤ ਜਨੂੰ ਦੇ ਦਾਨਵ ਮਰਦੇ।

ਬਾਰੂਦ ਖ਼ਰੀਦਣ ਕਰਜ਼ੇ ਚੁੱਕ ਚੁੱਕ ਫੁੱਲਾਂ ਦੀਆਂ ਕਬਰਾਂ ਚਿਣਦੇ,
ʻਪਿਆਸੇʻ ਇੱਜ਼ਤ ਗਿਰਵੀ ਰੱਖ ਕੇ, ਹਉਮੈ, ਹੈਂਕੜ ਚੁੱਕੀ ਫਿਰਦੇ।



"ਕਾਲਾ ਅੰਬਰ ਜ਼ਖਮੀ ਪੌਣ" ਗ਼ਜ਼ਲ ਸੰਗ੍ਰਿਹ
"ਦਿਆਲ ਸਿੰਘ ਪਿਆਸਾ"
ਗ਼ਜ਼ਲ-23

ਉਸਦੇ   ਲਹੂ  ਦਾ  ਰੰਗ  ਚਿੱਟਾ  ਕਿੰਨੀ  ਜਲਦੀ  ਹੋ  ਗਿਆ,
ਆਇਆ  ਮਖੌਟਾ  ਪਹਿਨ  ਕੇ  ਦਹਿਲ਼ੀਜ਼ ʻਤੇ ਰੱਤ ਚੋ ਗਿਆ।

ਹਦ   ਨੀਚਤਾ   ਦੀ   ਹੋ   ਗਈ    ਕਾਨੂੰਨ   ਨੇ  ਸੁੱਤੇ  ਪਏ ,
ਇਸ  ਬੰਦਿਆਂ  ਦੀ  ਭੀੜ  ʻਚੋਂ  ਇਨਸਾਨ  ਕਿਧਰੇ ਖੋ ਗਿਆ।

ਜੰਨਤ  ਜਹੀ  ਦੁਨੀਆ  ਸਾਡੀ  ਚੰਬਲ  ਦੀ  ਘਾਟੀ  ਬਣ ਗਈ,
ਜੰਗਲ   ਜਦੋਂ  ਡਾਕੁਆਂ   ਦੇ  ਕਬਜੇ  ʻਚ  ਸਾਰਾ  ਹੋ  ਗਿਆ।

ਨੰਗੀ  ਨੱਚੇ  ਅਸ਼ਲ਼ੀਲਤਾ ਲੱਜ  ਸ਼ਰਮ  ਦੀ  ਲੱਜ ਟੁੱਟ ਗਈ,
ਹੈ ਸ਼ਰਤ  ਇਕੋ ਇਸ ਰਾਹ ʻਤੇ ਵਾਪਸ ਨਾ ਮੁੜਿਆ ਜੋ ਗਿਆ।

ਮਾਇਆ   ਦੋ -  ਮੂੰਹੀ   ਸੱਪਣੀ   ਡੱਸੇਗੀ   ਅਮਨ  ਚੈਨ   ਨੂੰ,
ਖੁਦਗ਼ਰਜ਼ੀਆਂ   ਦੇ  ਪੁਤਲਿਆਂ ਨੂੰ ਅਸਰ ਵਿਸ਼ ਦਾ ਹੋ ਗਿਆ।

ਰਹਿਬਰ  ਹੋਏ   ਮਜਬੂਰ   ਨੇ  ਮੁਨਸਫ਼   ਬੜੇ  ਲਾਚਾਰ   ਨੇ,
ਸਦੀਆਂ  ਦੇ  ਸਭਿਆਚਾਰ  ਦਾ  ਫਿਰ  ਬੂਹਾ  ਕੋਈ ਢੋ ਗਿਆ।

ਚੁਪ - ਚਾਪ  ਰੀਝਾਂ  ਰੋਣ  ਅੱਜ ਅਰਮਾਨਾਂ  ਦੀ  ਅਰਥੀ ਜਲ਼ੇ,
ʻਪਿਆਸੇʻ ਲਹੂ ਮਿੱਝ ਦੀ ਕਹੀਣੀ, ਆਪਣੇ ਹੱਥੀੰ ਉਹ ਗੋ ਗਿਆ।



"ਕਾਲਾ ਅੰਬਰ ਜ਼ਖਮੀ ਪੌਣ" ਗ਼ਜ਼ਲ ਸੰਗ੍ਰਿਹ
"ਦਿਆਲ ਸਿੰਘ ਪਿਆਸਾ"
ਗ਼ਜ਼ਲ-24

ਨੀਲ਼ੀ  ਝੀਲ  ਜਹੇ  ਨੈਣਾਂ ਵਿਚ ਕਜਲਾ ਉਹ ਮਟਕਾਈ  ਰੱਖਦੈ,
ਦੋ-ਧਰੀ  ਤਲਵਾਰ  ਸਦਾ  ਹੀ  ਪਲਕਾਂ  ਵਿਚ  ਲੁਕਾਈ ਰੱਖਦੈ।

ਤਿੱਖੀਆਂ  ਨਜ਼ਰਾਂ  ਦੇ  ਖੰਜਰ  ਉਹ  ਚੁੱਪ-ਚਪੀਤੇ ਖੋਭ ਗਏ ਨੇ,
ਰੱਬ  ਨੇ  ਦਿੱਤਾ  ਰੂਪ ਖ਼ਜ਼ਾਨਾ ਉਹ ਦਿਲ ਨੂੰ ਤੜਪਾਈ ਰੱਖਦੈ।

ਸੁੱਚੇ  ਮੋਤੀ  ਮੁੜ੍ਹਕੇ  ਦੇ  ਵਿਚ  ਕੀਮਤ  ਸਮਝੇ ਫਰਿਹਾਦ ਕੋਈ,
ਹਰਦਮ  ਮੋਢੇ  ਉੱਤੇ  ਜਿਹੜਾ  ਤੇਸਾ  ਹੀ  ਲਟਕਾਈ  ਰੱਖਦੈ  ।

ਜਿਸਦਾ  ਸੋਨੇ  ਵਰਗਾ  ਘਰ  ਹੈ, ਚਾਂਦੀ ਵਰਗਾ ਚਿੱਟਾ ਦਰ ਹੈ,
ਪਾਕ  ਮੁਹੱਬਤ  ਦੇ  ਰਸਤੇ  ਵਿਚ  ਰੋੜੇ ਉਹ ਅਟਕਾਈ ਰੱਖਦੈ।

ਲੰਮੀ   ਗੁੱਤ  ਪਰਾਂਦੇ  ਭੁੱਲੇ ,  ਨਾਗਨ  ਜ਼ੁਲਫਾਂ  ਦੇ  ਵਲ਼  ਖੁੱਲ੍ਹੇ,
ਅੱਜਕੱਲ੍ਹ  ਸੋਨ  ਸੁਨਹਿਰੀ ਜ਼ੁਲਫਾਂ ਉਹ ਮੋਢੇ ਲਟਕਾਈ ਰੱਖਦੈ।

ਕੰਗਾਲਾਂ  ਦੀ  ਬਸਤੀ  ਦੇ  ਵਿਚ  ਚੰਦਨ ਵਰਗੇ ਤਨ  ʻਤੇ ਲ਼ੀਰਾਂ,
ਰੂਪ ਦਾ ਲੋਭੀ ਜਿਸਦੇ ਸੁੰਤਰ ਜਿਸਮ ʻਤੇ ਨਜ਼ਰ ਟਿਕਾਈ ਰੱਖਦੈ।

ਹੋਠਾਂ  ʻਤੇ  ਊਸ਼ਾ  ਦੀ  ਲਾਲ਼ੀ ਸੁਰਖ਼ ਗੁਲਾਬੀ  ਚਿਹਰਾ  ਚਮਕੇ,
ʻਪਿਆਸੇʻ ਦਿਲ ਨੂੰ ਸੁਹਣਾ ਦਿਲਬਰ ਸੂਲ਼ੀ ʻਤੇ ਲਟਕਾਈ ਰੱਖਦੈ।



"ਕਾਲਾ ਅੰਬਰ ਜ਼ਖਮੀ ਪੌਣ" ਗ਼ਜ਼ਲ ਸੰਗ੍ਰਿਹ
"ਦਿਆਲ ਸਿੰਘ ਪਿਆਸਾ"
ਗ਼ਜ਼ਲ-25

ਦਿਲ ਵਿਚ ਪਲ਼ਦੇ ਨਾਸੂਰ ਇਸ਼ਕ ਦੇ ਜਿਸ ਨੂੰ ਤੱਕੇ ਕੋਈ ਕੋਈ,
ਭਾਰੀ  ਪੰਡ  ਗ਼ਮਾਂ   ਦੀ   ਲੋਕੋ  ਜਿਸਨੂੰ   ਚੱਕੇ  ਕੋਈ  ਕੋਈ ।

ਬੀਤੇ  ਪਲ  ਦਰਿਆ  ਦੇ  ਪਾਣੀ  ਪਰਦੇਸੀ  ਵਾਪਸ  ਨਾ ਆਂਦੇ,
ਚੀਸ   ਵਿਛੋੜੇ  ਦੀ  ਤੜਪਾਵੇ  ਜਿਸ  ਨੂੰ  ਡੱਕੇ  ਕੋਈ  ਕੋਈ ।

ਲੋਗ਼ ਜ਼ਮੀਰਾਂ ਗਿਰਵੀ ਰੱਖ  ਕੇ  ਦੌਲਤ ਸ਼ੁਹਰਤ ਨਾਮ ਕਮਾਂਦੇ,
ਹਿਰਸ   ਕਮੀਨੀ   ਨੰਗੀ   ਨੱਚੇ   ਮੋੜੇ   ਨੱਕੇ  ਕੋਈ  ਕੋਈ  ।

ਪੀ  ਪੀ  ਜਿਹੜੇ  ਮੂਧੇ  ਹੋਏ ,  ਪੁੰਨੂੰ  ਵਾਂਗੂੰ  ਥਲ  ਵਿਚ  ਰੋਏ ,
ਸੁੱਤੀ  ਸੱਸੀ  ਨੂੰ  ਕੌਣ  ਜਗਾਏ  ਦੁੱਖ  ʻਚ  ਸੱਕੇ  ਕੋਈ  ਕੋਈ ।

ਰੋਜ਼ੀ, ਰੋਟੀ  ਖ਼ਾਤਰ  ਜਿਹੜੇ  ਪਰਦੇਸਾਂ  ਵਿਚ  ਰੁਲੰਦੇ ਫਿਰਦੇ,
ਕੱਚੀ   ਆਵੀ    ਦੇ   ਕੱਚੇ   ਘੜੇ   ਨੇ    ਪੱਕੇ  ਕੋਈ  ਕੋਈ  ।

ਕੌਣ ਸਮੇਂ ਦੀ  ਜ਼ੁਲਫ ਸੁਆਰੇ ਵਿਧਵਾ ਰੁੱਤ ਦੀ ਮਾਂਗ ਭਰੇ ਅੱਜ,
ਭਾਗੋ  ਖ਼ੁਦਗਰਜ਼ੀ   ਦੇ   ਪੁਤਲੇ  ਬੀੜਾ  ਚੁੱਕੇ   ਕੋਈ   ਕੋਈ ।

ਸੀਤਲ  ਪੌਣ  ਪੁਰੇ  ਦੀ  ਵੱਗੇ ਗ਼ਮ  ਦੀ ਤੱਤੜੀ ਵਾ  ਨਾ ਲੱਗੇ,
ʻਪਿਆਸੇʻ ਸੋਨ  ਚਿੜੀ  ਦੀ  ਇੱਜ਼ਤ ਰਹਿਬਰ ਢੱਕੇ ਕੋਈ ਕੋਈ।



Tags

एक टिप्पणी भेजें

0 टिप्पणियाँ
* Please Don't Spam Here. All the Comments are Reviewed by Admin.