ਮਹਿਬੂਬ ਦਿਲ ਦੇ ਰਹਿਬਰਾ ਨਜ਼ਦੀਕ ਹੋ ਕੇ ਸੁਣ ਜ਼ਰਾ,
ਨੈਣਾਂ ʻਚੋਂ ਖਾਰੇ ਹੰਝੂਆਂ ਦੇ ਤਾਰਿਆਂ ਨੂੰ ਚੁਣ ਜ਼ਰਾ।
ਖ਼ੁਦਗਰਜ਼ੀਆਂ ਦੀ ਕਬਰ ʻਤੇ ਲਾਸ਼ਾਂ ਦੀ ਚੂਰੀ ਨਾ ਖੜ੍ਹਾ,
ਤਕਸੀਮ ਕਰ ਮਨਮਾਨੀਆਂ ਸੱਚ ਹਰਫ਼ ਦਿਲ ʻਤੇ ਖੁਣ ਜ਼ਰਾ।
ਬੇਦੋਸ਼ੇ ਤੇ ਮਜ਼ਲੂਮ ਨੂੰ ਬੰਬਾਂ ਦਾ ਚਾਰਾ ਨਾ ਬਣਾ,
ਫਾਤੂਰ ਤੇ ਇੰਤਕਾਮ ਦੀ ਬਿਲਕੁਲ ਮੱਧਮ ਕਰ ਧੁਣ ਜ਼ਰਾ।
ਤਲਵਾਰ ਦੀ ਭਾਸ਼ਾ ਨਹੀਂ ਬੰਬਾਂ ਦੇ ਹੰਦੇ ਫੱਟ ਨਹੀਂ,
ਬਾਰੂਦ ਦੇ ਢੇਰਾਂ ʻਤੇ ਬਹਿ ਕੇ ਸੁਪਨੇ ਨਵੇਂ ਨਾ ਬੁਣ ਜ਼ਰਾ।
ਅੱਧੀ ਤਦੀ ਦੇ ਬਾਅਦ ਉਹ ਆਖੇ ਮੇਰੀ ਖ਼ਾਹਸ਼ ਸੁਣੋ,
ʻਪਿਆਸੇʻ ਕਿਵੇਂ ਹੋ ਸਕਦਾ ਹੈ ਐਵੇਂ ਨਾ ਪਾਣੀ ਪੁਣ ਜ਼ਰਾ।
ਹਾਸੇ ਦਿਲਾਂ ਉਹ ਲੁੱਟ ਗਏ , ਬੇਮੌਸਮੀ ਬਾਰਸ਼ ਤਰ੍ਹਾਂ,
ਰਿਸ਼ਤੇ ਪਲਾਂ ਵਿਚ ਟੁੱਟ ਗਏ , ਬੇਮੌਸਮੀ ਬਾਰਸ਼ ਤਰ੍ਹਾਂ।
ਚਾਈਂ ਚਾਈਂ ਦਿਲ ਧਰਤ ʻਤੇ ਬੂਟੇ ਲਗਾ ਉਹ ਪਿਆਰ ਦੇ,
ਆਪਣੇ ਹੱਥੀਂ ਫਿਰ ਪੁੱਟ ਗਏ , ਬੇਮੌਸਮੀ ਬਾਰਸ਼ ਤਰ੍ਹਾਂ।
ਇਸ ਮਤਲਬੀ ਦੁਨੀਆ ਦੇ ਵਿਚ ਸੱਚਾ ਰਹਿਬਰ ਮਿਲਿਆ ਨਹੀਂ,
ਇੰਜ ਲੇਖ ਸਾਡੇ ਖੁੱਟ ਗਏ , ਬੇਮੌਸਮੀ ਬਾਰਸ਼ ਤਰ੍ਹਾਂ।
ਨਸ਼ਤਰ ਚੁਭੋ ਕੇ ਮਿਹਣੀਆਂ ਦੇ ਦਿਲ ਦੇ ਜ਼ਖ਼ਮ ਛਿੱਲੇ ਉਨ੍ਹਾਂ,
ਹਉਕ, ਚੀਸਾਂ ਦੀ ਖਾਈ ਪੁੱਟ ਗਏ , ਬੇਮੌਸਮੀ ਬਾਰਸ਼ ਤਰ੍ਹਾਂ।
ਰਿਸ਼ਤੇ ਸਾਡੀ ਤਕਦੀਰ ਦੇ ਕੱਚੇ ਘੜੇ ਦੇ ਨਾਲ ਸਨ,
ਬਿਫ਼ਰੇ ਝਨਾ ਬਣ ਕੇ ਲੁੱਟ ਗਏ , ਬੇਮੌਸਮੀ ਬਾਰਸ਼ ਤਰ੍ਹਾਂ।
ਜਦ ਵਕਤ ਦੇ ਨਾਸੂਰ ਨੇ ਛਲਨੀ ਕੀਤੇ ਸਨ ਕਾਲਜੇ,
ਗ਼ਮ ਦੇ ਗੜੇ ਉਹ ਸੁੱਟ ਗਏ , ਬੇਮੌਸਮੀ ਬਾਰਸ਼ ਤਰ੍ਹਾਂ।
ਟੁੱਟੇ ਪੱਤੇ ਦਿਲ ਸ਼ਾਖ ਤੋਂ ʻਪਿਆਸੇʻ ਕਦੇ ਜੁੜਨੇ ਨਹੀਂ,
ਪਤਝੜ ਸਮੇਂ ਜੋ ਟੁੱਟ ਗਏ ਬੇਮੌਸਮੀ ਬਾਰਸ਼ ਤਰ੍ਹਾਂ।
ਦਿਨ ਮੁਬਾਰਕ ਹੈ, ਸ਼ੂਭ ਮਹੂਰਤ ਹੈ,
ਜ਼ਿੰਦਗੀ ਲੱਗਦੀ ਖੂਬਸੂਰਤ ਹੈ।
ਚੰਨ ਵਾਂਗੂੰ ਜੋ ਚਿਹਰੇ ਲੱਗਦੇ ਨੇ,
ਐ ਖ਼ੁਦਾ ਤੇਰੀ ਇਹ ਇਨਾਇਤ ਹੈ।
ਕਿਰਨ ਊਸ਼ਾ ਦੀ ਦਿਲ ʻਚ ਉਤਰੀ ਹੈ,
ਪਿਆਰ ਦੇ ਸੂਰਜ ਦੀ ਜ਼ਰੂਰਤ ਹੈ।
ਦਿਲ ਮੁਹੱਬਤ ਤੋਂ ਖਾਲ਼ੀ ਲਾਸ਼ਾਂ ਨੇ,
ਇਹ ਮੁਹੱਬਤ ਵੀ ਇਕ ਇਬਾਦਤ ਹੈ।
ਜੀ ਰਹੇ ਹਾਂ ਆਸਾਂ ਉਮੀਦਾ ਤੇ,
ਜ਼ਿੰਦਗੀ ਬੇਸ਼ਕ ਇਕ ਸਿਆਸਤ ਹੈ।
ਇਸ ਚਮਨ ʻਚੋਂ ਫੁੱਲ ਕੋਈ ਤੋੜੇ ਨਾ,
ਬਾਗ਼ ਆਦਮ ਹੈ ਸੁਹਣਾ ਜੰਨਤ ਹੈ।
ਚਿੱਟੀ ਸ਼ਬਨਮ ਉਹ ਸ਼ੋਖ ਤਿੱਤਲ਼ੀ ਹੈ,
ʻਪਿਆਸੇʻ ਦਿਲ ਦੀ ਸੁਹਣੀ ਚਾਹਤ ਹੈ।
ਕਿਸੇ ਕੋਲ ਦੋ ਪਲ ਦੀ ਫੁਰਸਤ ਨਹੀਂ ਹੈ,
ਹੈ ਘਰ ਸੋਨੇ ਵਰਗਾ ਮੁਹੱਬਤ ਫੁਰਸਤ ਨਹੀ ਹੈ।
ਭਵਾਂ ਤੀਰ ਨੇ ਜ਼ੁਲਫ ਉਸਦੀ ਹੈ ਨਾਗਨ,
ਹੈ ਮੁੱਖੜਾ ਹੁਸੀਂ ਪਰ ਨਜ਼ਾਕਤ ਫੁਰਸਤ ਨਹੀ ਹੈ।
ਝੁੱਗੀ ਝੌਪੜੀ , ਕਾਨੇ, ਕੱਖਾਂ ਦੇ ਘਰ ਨੇ,
ਕਿਵੇਂ ਆਖਦੇ ਹੋ, ਗ਼ੁਰਬਤ ਨਹੀਂ ਹੈ।
ਨਦੀ ਦੇ ਕਿਨਾਰੇ ਜਿਵੇਂ ਰੇਤ ਦੇ ਘਰ,
ਖਿੜੇ ਫੁੱਲਾਂ ਦੀ ਕੁਈ ਮੁਹਲਤ ਫੁਰਸਤ ਨਹੀ ਹੈ।
ਢਲ਼ੀ ਸ਼ਾਮ ਢਲ਼ਦੇ ਮੁਹੱਬਤ ਦੇ ਸੂਰਜ,
ਢਲ਼ੇ ਸੁਰਖ਼ ਸੂਰਜ ਦੀ ਕੀਮਤ ਫੁਰਸਤ ਨਹੀ ਹੈ।
ਮਖੌਟੇ ਲਗਾ ਜੋ ਜ਼ਮੀਰਾਂ ਨੂੰ ਵੇਚਣ,
ਹੈ ਨਾ ਪਾਕ ਹਰਕਤ ਸ਼ਰਾਫਤ ਫੁਰਸਤ ਨਹੀ ਹੈ।
ਹਵਸ, ਲੋਭ, ਹਉਮੈ ਤੇ ਰਿਸ਼ਵਤ ਦੀ ਬਾਰਸ਼,
ਹੈ ʻਪਿਆਸੇʻ ਹਕੀਕਤ ਇਹ ਤੁਹਮਤ ਫੁਰਸਤ ਨਹੀ ਹੈ।
ਦਿਲ ਸਮੁੰਦਰ, ਬਦਨ ਕੰਚਨ, ਬੜੇ ਦਿਲਕਸ਼ ਇਸ਼ਾਰੇ ਨੇ,
ਮੱਥੇ ਤਕਦੀਰ ਸਾਡੀ ਦੇ ਕੋਈ ਚਮਕੇ ਸਿਤਾਰੇ ਨੇ।
ਖਿੜਿਆ ਚਿਹਰਾ, ਚੰਬੇ ਦਾ ਫੁੱਲ, ਹੋਠਾਂ ਦੀ ਮੁਸਕਣੀ ਤੌਬਾ,
ਸੁਰਖ਼ ਰੁਖ਼ਸਾਰ, ਕੁੰਡਲ ਜ਼ਲਫਾਂ, ਚੰਚਲ ਨਖ਼ਰੇ ਜੋ ਪਿਆਰੇ ਨੇ।
ਪੌਣ ਸੀਤਲ ਜਹੀ ਬਣ ਕੇ, ਅਚਾਨਕ ਦਿਲ ʻਚ ਉਤਰੇ ਨੇ,
ਜਜ਼ਬਿਆਂ ਦੀ ਬਾਰਸ਼ ਹੋਈ, ਸਾਵਨ ਰੁੱਤ ਦੇ ਨਜ਼ਾਰੇ ਨੇ।
ਸੁੱਚੇ ਮੋਤੀ, ਕਟੋਰੇ ਨੈਣ ਅੰਮਿ੍ਰਤ ਬੂੰਦ ਸ਼ਬਨਮ ਦੀ,
ਚਾਨਣੀ ਰਾਤ ਚਮਕੇਗੀ ਬੜੇ ਨਜ਼ਦੀਕ ਤਾਰੇ ਨੇ।
ਪਿਆਰ ਵਿਚ ਦਰਦ ਦੁੱਖ ਦੁੱਖੜੇ ਸਦਾ ਇਸ ਦਿਲ ਦੇ ਦਰਦੀ ਨੇ,
ਸੂਰਜੀ ਕਿਰਨ ਦੇ ਬਦਲੇ ਸਮੁੰਦਰ ਗ਼ਮ ਦੇ ਖਾਰੇ ਨੇ।
ਗ਼ੈਰਾਂ ਨੇ ਮਾਰੇ ਪੱਥਰ ਅਸੀਂ ਹੱਸ ਹੱਸ ਸਹੇ ਦਿਲ ʻਤੇ,
ਅਪਣਿਆਂ ਨੇ ਜੋ ਫੁੱਲ ਮਾਰੇ, ਬੜੀ ਮੁਸ਼ਕਲ ਸਹਾਰੇ ਨੇ।
ਇਸ਼ਕ ਪਰਬਤ ਨਹੀਂ ਝੁਕਦੇ ਦਿਲਾਂ ਦੇ ਹੜ੍ਹ ਨਹੀਂ ਰੁਕਦੇ,
ਪਿਆਰ ʻਪਿਆਸੇʻ ਰੁਲ਼ੇ ਥਲ ਵਿਚ ਮੁਸੀਬਤ ਤੋਂ ਨਾ ਹਾਰੇ ਨੇ।