ਗ਼ਜ਼ਲ-26
ਦਿਲ ʻਚੋਂ ਵੇਰ ਕੁੜੱਤਣ ਕੱਢ ਕੇ ਬੀਜ ਮੁਹੱਬਤ ਬੀਜ ਜ਼ਰਾ,
ਪੂਰਾ ਉਤਰ ਇਕਰਾਰਾਂ ʻਤੇ ਬਣ ਜਾ ਜਿਗਰੀ ਯਾਰ ਖਰਾ।
ਚਿੱਟੀਆਂ ਲ਼ੀਕਾਂ ਦੀ ਹੱਦ ਅੰਦਰ ਦੋਹੀਂ ਪਾਸੇ ਹਾਸੇ ਨੇ,
ਨੀਲੇ ਅੰਬਰ ਕਾਲ਼ੇ ਨਾ ਕਰ, ਪਰਬਤ ʻਤੇ ਨਾ ਆਣ ਡਰਾ।
ਅੱਧੀ ਬੀਤੇ ਜੇ ਲੜ ਲੜ ਕੇ ਚਾਅ ਕੁਆਰੇ ਮਰ ਜਾਂਦੇ,
ਭੁੱਬਾਂ ਮਾਰ ਬਿਦੋਸ਼ੇ ਰੋਂਦੇ ਤੋਪਾਂ ਤੋਂ ਨਾ ਜੁਲਮ ਕਰਾ ।
ਛਾਵਾਂ, ਧੁੱਪਾਂ, ਪੌਣਾਂ, ਹਾਸੇ ਲੁਕ ਲੁਕ ਚੋਰੀ ਕਰੀਏ ਨਾ,
ਮੈਲ਼ੀ ਨੀਯਤ ਜੰਗ ʻਚ ਝੋਕੇ ਨਾ ਕਰ ਮੈਲ਼ੀ ਨਜ਼ਰ ਜ਼ਰਾ।
ਅੰਬਾਂ ਬਾਨ ਉੱਤੇ ਬੂਰ ਲੱਗੇ ਜਦ, ਕੋਇਲ ਬਾਗੀਂ ਬੋਲੇਗੀ,
ਜੇ ਬਾਗ਼ਾਂ ਨੂੰ ਅੱਗ ਲੱਗ ਜਾਏ ਕਿਹੜਾ ਹੋਊ ਬਿਰਖ਼ ਹਰਾ।
ਵਿਧਵਾ ਰੁੱਤਾਂ, ਚਿੱਟੀਆਂ ਚੁੰਨੀਆਂ ਵੰਗਾਂ ਗਜਰੇ ਟੁੱਟੇ ਕੱਲ੍ਹ,
ਹੰਝੂਆਂ ਦੇ ਉਸ ਸਾਗਰ ਵਿਚ ਗ਼ਮ ਬੇੜੀ ਨਾ ਹੋਰ ਤਰਾ।
ਜੰਗਲ, ਪਰਬਤ, ਬਾਗ਼-ਬਗ਼ੀਚੇ ʻਪਿਆਸੇʻ ਖੁਸ਼ੀਆਂ ਦੇ ਜਾਮਨ,
ਕਸਤੂਰੀ ਦੀ ਖ਼ੁਸ਼ਬੂ ਵੰਡਣ ਗੁਲਸ਼ਨ ʻਚੋਂ ਨਾ ਮਹਿਕ ਚੁਰਾ ।
ਦਿਲ ਦੇ ਵਿਹੜੇ ਪੈਲਾਂ ਪਾਂਦੇ ਮੋਰ ਜਹੇ,
ਸਾਵਨ ਰਿਮਝਿਮ ਬੱਦਲਾਂ ਦੀ ਘਨਘੋਰ ਜਹੇ।
ਸੁਹਣੀ ਸੂਰਤ ਅੱਖਾਂ ਦੇ ਵਿਚ ਵਸਦੀ ਏ ,
ਹਮਰਾਜ਼ ਦਿਲਾਂ ਦੇ ਮਾਹੀ ਨੇ ਚਿੱਤ ਚੋਰ ਜਹੇ।
ਸੁੱਚੇ-ਮੋਤੀ ਨੀਲੇ ਗਹਿਰੇ ਸਾਗਰ ਦੇ,
ਦਿਲ ਅੰਬਰ ʻਤੇ ਲਿਸ਼ਕਣ ਚੰਨ ਚਕੋਰ ਜਹੇ।
ਚਾਵਾਂ ਚਿੱਤਰੀ ਉਹਨਾਂ ਦੀ ਤਸਵੀਰ ਜਦੋਂ,
ਤਨ ਊਸ਼ਾ ਦੀ ਲਾਲ਼ੀ, ਮਸਤੀ ਲੋਰ ਜਹੇ।
ਸੀਨੇ ਵਿਚਲ਼ੀ ਹੂਕ ਬਣੇ ਜਦ ਪੱਤਰ ਉਸਦੇ,
ਬਿਰਹੋਂ ਬੂਟੇ ਉੱਗੇ ਦਿਲ ਵਿਚ ਥੋਰ੍ਹ ਜਹੇ।
ਪਿਆਰ ਬਿਨਾਂ ਜੱਗ ਸੜਦੈ ਬਾਲੂ ਰੇਤ ਤਰ੍ਹਾਂ,
ਪਿਆਰ ਦਿਲਾਂ ਦੇ ਰਿਸ਼ਤੇ ਸਜਰੀ ਭੋਰ ਜਹੇ।
ਤਨ ਦੇ ਨਾਲੋਂ ਮਨ ਦੇ ਰਿਸ਼ਤੇ ਪੀਡੇ ਨੇ,
ʻਪਿਆਸੇʻ ਮਨ ਦੇ ਰਿਸ਼ਤੇ ਪੱਕੀ ਡੋਰ ਜਹੇ।
ਸਰਘੀ ਵੇਲ਼ੇ ਮਸਤ-ਬਹਾਰਾਂ ਛਾਈਆਂ ਨੇ ।
ਕੁਲ ਆਲਮ ਤੇ ਰਾਜ ਕਰਨ ਇਹ ਸ਼ੋਖ ਹਵਾਵਾਂ ,
ਸੁੱਤੇ ਇਸ਼ਕ ਜਗਾਵਨ ਖ਼ਾਤਰ ਆਈਆਂ ਨੇ ।
ਮਨ ਪਰਬਤ ʻਚੋਂ ਯਾਦਾਂ ਦੇ ਅੱਜ ਚਸ਼ਮੇ ਫੁੱਟੇ ,
ਕਸਤੂਰੀ ਦੀ ਖ਼ੁਸ਼ਬੂ ਨਾਲ ਲਿਆਇਆਂ ਨੇ ।
ਤਪਦੀ ਲੂਅ ਵਿਚ ਮਾਨਸ ਖਿੱਲਾਂ ਵਾਂਗੂੰ ਭੁੱਜੇ,
ਪੁਰਵਾਈ ਨੂੰ ਨਜ਼ਰਾਂ ਕਿਸਨੇ ਲਾਈਆਂ ਨੇ ।
ਦੋ ਪਲ ਮਹਿਕ ਖਿੜਾ ਕੇ ਤਾਂਘ ਦਿਲਾਂ ਨੂੰ ਲਾਅ ਕੇ,
ਸੀਤਲ ਪੌਣਾਂ ਪਲ ਵਿਚ ਹੋਣ ਪਰਾਈਆਂ ਨੇ ।
ਜ਼ੁਲਮ, ਸਿਤਮ ਤੇ ਕਹਿਰ ਚਮਨ ʻਚੋਂ ਮੁੱਕ ਜਾਣੇ,
ਖ਼ਾਸ ਸੁਨੇਹੇ ਲੈ ਕੇ ਪੌਣਾਂ ਆਈਆਂ ਨੇ ।
ਫੁੱਲ, ਕਲ਼ੀਆਂ ਹੱਸਣ, ਬਾਗ਼-ਬਜ਼ੀਚੇ ਮਹਿਕਣ,
ਪੌਣਾਂ ਨੂੰ ʻਪਿਆਸੇʻ ਦਿਲ ਕਰਨ ਦੁਹਾਇਆਂ ਨੇ ।
ਬੁਲਬਲੇ ਹੰਕਾਰ ਦੇ ਕੁਝ ਚਿਰ ਰਹੇ ਤੇ ਖੁਰ ਗਏ ।
ਘੋੜੇ, ਹਾਥੀ, ਸ਼ਹਿਨਸ਼ਾਹੀ ਤਾਜ ਸਨ ਮੋਤੀ ਜੜੇ,
ਕਬਰ ਦਾ ਹਿੱਸਾ ਬਣੇ ਉਹ ਮਿੱਟੀ ਵਾਂਗੂੰ ਭੁਰ ਗਏ ।
ਰੋਜ਼ ਪੀਣਾ, ਬਹੁਤ ਖਾਣਾ, ਮੰਦਾ ਮੂੰਹੋਂ ਬੋਲਣਾ,
ਐਬ ਤਿੰਨੇ ਰੋਗਾਂ ਦੀ ਧੂਣੀ ਧੁਖ਼ਾ ਕੇ ਤੁਰ ਗਏ ।
ਕੰਬ ਕੇ ਉਹ ਮੌਤ ਰੂਪੀ ਚੀਲ ਤੋਂ ਡਰਦੇ ਰਹੇ ,
ਛਲਨੀ ਤਨ ਵਿਚ ਜ਼ਖ਼ਮੀ ਮਨ ਹੈ ਹਾਸੇ ਠੱਠੇ ਖੁਰ ਗਏ ।
ਸੋਨਾ, ਚਾਂਦੀ, ਸ਼ਾਨ, ਸ਼ੁਹਰਤ ਸਾਹ ਇਕ ਨਾ ਵਧ ਸਕੇ,
ਸ਼ੀਸ਼ ਮਹਿਲਾਂ ਵਿਚੋਂ ਆਖ਼ਰ ਪੈਰੋਂ ਨੰਗੇ ਤੁਰ ਗਏ ।
ਸ਼ਹਿਰ ਤੋਂ ਸ਼ਮਸ਼ਾਨ ਤੱਕਦਾ ਸਫ਼ਰ ਹੈ ਕਰਨਾ ਜਦੋਂ,
ਮੋਹ ਮਾਇਆ ਦੇ ਝੂਠੇ ਰਿਸ਼ਤੇ ਰੇਤ ਵਾਂਗੂੰ ਕਿਰ ਗਏ ।
ਜਿੰਦਗੀ ਦੇ ਖਾਰੇ ਸਾਗਰ ਡੀਕ ਲਾ ਕੇ ਪੀਂਦੇ ਨੇ ਜੋ,
ʻਪਿਆਸੇʻ ਆਖ਼ਰ ਅਮਰ ਹੋ ਕੇ ਇਸ ਜਹਾਂ ਤੋਂ ਤੁਰ ਗਏ ।
ਮੁੱਢਾਂ ਮੂਧ ਉੱਤੇ ਅਜਗਰ ਬੈਠੇ, ਕਿਹੜੇ ਬਿਰਖਾਂ ਤੋਂ ਮੰਗਾਂ ਛਾਂ ।
ਸਰਘੀ ਵੇਲ਼ੇ ਜੰਗਲ ਦੇ ਵਿਚ ਬੁੱਢੇ ਤੋਤੇ ਸ਼ੋਰ ਮਚਾਂਦੇ,
ਇਕ ਦੂਜੇ ਨੂੰ ਚੁੰਝਾਂ ਮਾਰਨ ਫਿਰ ਲੁਕਣ ਜੋਗੀ ਲੱਭਦੇ ਥਾਂ।
ਅੱਥਰੇ ਠੂੰਹੇ ਤੇ ਛੀਬੇਂ ਸੱਪ ਕੂਲ਼ੇ ਤਨ ਦੀਆਂ ਕਲ਼ੀਆਂ ਡੰਗਣ,
ਚੰਦਨ ਜਿਸਮਾਂ ਦੀ ਨਿੱਘ ਮਾਨਣ ਕੋਈ ਨਾ ਸੱਚਾ ਹਾਣੀ ਮਾਂ।
ਦਿਲ ਦੇ ਸਾਗਰ ਛੱਲਾਂ ਉੱਠਣ, ਸੋਚਾਂ ਦੇ ਵਿਚ ਭਾਂਬੜ ਮੱਚਣ,
ਫੁੱਲ ਕਲ਼ੀਆਂ ਦੀਆਂ ਲਾਸ਼ਾਂ ʻਤੇ ਜਦ ਸੋਚਣ ਉਹ ਚਮਕੇ ਨਾਂ।
ਮੁੱਠ ਚਾਂਦੀ ਦੇ ਚੋਗੇ ਖ਼ਾਤਰ ਪਰਵਾਸੀ ਪੰਛੀ ਜੋ ਬਣਦੇ,
ਤਪਦੇ ਗ਼ਮ ਦੇ ਅੰਬਰ ਚੀਰਨ, ਚੀਸ ਵਿਛੋੜੇ ਦੀ ਕੱਢੋ ਜਾਂ।
ਗੋਰੇ ਗੋਰੇ ਪਿੰਡੇ ਲਿਸ਼ਕਣ ਨਰਮ ਮੁਲਾਇਮ ਵਸਤਰ ਚਮਕਣ,
ਕਾਲਖ਼ ਦਿਲ ʻਚੋਂ ਕੌਣ ਗਵਾਏ ਉੱਪਰੋਂ ਹੰਸ ਤੇ ਵਿਚੋਂ ਕਾਂ।
ਰੋਜ਼ ਦਿਲਾਂ ਵਿਚ ਕੰਡੇ ਬੀਜੇ ਚੰਦ ਸੁਪਨੇ ਪੂਰੇ ਕਰਨ ਲਈ,
ʻਪਿਆਸੇʻ ਚੀਲ ਗ਼ਰਜ਼ ਦੀ ਨਿਘਰੇ ਤੜਪ ਤੜਪ ਦੇ ਨਿਕਲੇ ਜਾਂ।